ਖੇਡ ਵਿਭਾਗ ਪੰਜਾਬ ਨੇ ਬੜੇ ਮਾਣ ਨਾਲ ਐਲਾਨ ਕੀਤਾ ਹੈ ਕਿ ਮਿਨਰਵਾ ਫੁਟਬਾਲ ਅਕੈਡਮੀ ਦੇ ਦਿੱਲੀ ਐਫ ਸੀ ਨਾਲ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਸਹੀਬੱਧ ਕੀਤਾ ਜਿਸਦੇ ਤਹਿਤ ਕਲੱਬ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਵਿੱਚ ਨਵੇਂ ਬਣੇ ਖੇਡ ਸਟੇਡੀਅਮ ਵਿੱਚ ਆਉਣ ਵਾਲੇ ਆਈ ਲੀਗ ਸੀਜ਼ਨ ਲਈ ਵਰਤਣ ਦੀ ਆਗਿਆ ਮਿਲੇਗੀ, ਜੋ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਦੁਆਰਾ ਕੀਤਾ ਜਾ ਰਿਹਾ ਹੈ। ਇਹ ਕਦਮ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਖੇਡਾਂ ਦੇ ਵਿਕਾਸ ਅਤੇ ਨੌਜਵਾਨ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਤਹਿਤ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ।
ਇਹ ਸਮਝੌਤਾ ਆਈ. ਲੀਗ ਮੈਚ ਕਰਵਾਉਣ ਕਰਨ ਲਈ ਨਾ ਸਿਰਫ ਪੰਜਾਬ ਦੇ ਖੇਡ ਢਾਂਚੇ ਨੂੰ ਮਜ਼ਬੂਤ ਕਰੇਗਾ, ਸਗੋਂ ਫੁਟਬਾਲ ਵਿੱਚ ਪੇਸ਼ੇਵਰ ਕਰੀਅਰ ਬਣਾਉਣ ਦੇ ਚਾਹਵਾਨ ਨੌਜਵਾਨ ਖਿਡਾਰੀਆਂ ਨੂੰ ਵੀ ਸਹਾਰਾ ਦੇਵੇਗਾ। ਇਹ ਆਈ ਲੀਗ ਸੀਜ਼ਨ 19 ਦਸੰਬਰ 2024 ਤੋਂ ਸ਼ੁਰੂ ਹੋਵੇਗਾ ਅਤੇ ਅਪਰੈਲ 2025 ਤੱਕ ਦੇ ਅੰਤ ਤੱਕ ਕੁੱਲ 12 ਮੈਚ ਖੇਡੇ ਜਾਣਗੇ।
ਮਾਹਿਲਪੁਰ ਜੋ ਕਿ ਫੁਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ, ਵਿਖੇ ਸਾਰੇ ਮੈਚਾਂ ਵਿੱਚ ਹਜ਼ਾਰਾਂ ਪ੍ਰਸ਼ੰਸਕ ਸ਼ਾਮਲ ਹੋਣਗੇ ਅਤੇ ਕੁਝ ਫੁਟਬਾਲ ਪ੍ਰੇਮੀ ਤਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੀ ਆਉਣਗੇ। ਇਹ ਦਿਲਚਸਪ ਹੈ ਕਿ 2024-25 ਆਈ. ਲੀਗ ਸੀਜ਼ਨ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 12 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਸ ਵਿੱਚ ਡੈਂਪੋ ਸਪੋਰਟਿੰਗ ਕਲੱਬ ਅਤੇ ਚਰਚਿਲ ਬ੍ਰਦਰਜ਼ ਵਰਗੇ ਰਵਾਇਤੀ ਕਲੱਬ ਵੀ ਸ਼ਾਮਲ ਹਨ।
ਇਸ ਸੀਜ਼ਨ ਵਿੱਚ, ਆਈ. ਲੀਗ ਦੇ ਮੈਚਾਂ ਨੂੰ ਯੂਰੋ ਸਪੋਰਟਸ ਇੰਡੀਆ ਤੇ ਲਾਈਵਟੀਵੀ ਉਤੇ ਪ੍ਰਸਾਰਿਤ ਕੀਤਾ ਜਾਵੇਗਾ ਅਤੇ ਫੈਨ ਕੋਡ ਪਲੇਟਫਾਰਮ ‘ਤੇ ਆਨਲਾਈਨ ਸਟ੍ਰੀਮਿੰਗ ਵੀ ਕੀਤੀ ਜਾਵੇਗੀ, ਜਿਸ ਨਾਲ ਮਾਹਿਲਪੁਰ ਫੁਟਬਾਲ ਦੇ ਕੌਮੀ ਮੰਚ ਉਤੇ ਚਮਕੇਗਾ।
ਮਿਨਰਵਾ ਫੁਟਬਾਲ ਅਕੈਡਮੀ ਦੇ ਸੀ ਈ ਓ ਰਣਜੀਤ ਬਜਾਜਾ ਨੇ ਦੱਸਿਆ ਕਿ ਸਾਰੇ ਖੇਡ ਪ੍ਰੇਮੀ ਇਸ ਤੋਂ ਬਹੁਤ ਖੁਸ਼ ਹਨ ਅਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਖੇਡ ਵਿਭਾਗ ਦਾ ਧੰਨਵਾਦ ਕੀਤਾ।
ਖੇਡ ਵਿਭਾਗ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਵਿੱਚ ਪ੍ਰਤਿਭਾ ਨੂੰ ਵਧਾਉਣ ਲਈ ਅਤੇ ਖਿਡਾਰੀਆਂ ਨੂੰ ਸਹੂਲਤਾਂ ਅਤੇ ਮੰਚ ਪ੍ਰਦਾਨ ਕਰਨ ਲਈ ਵਚਨਬੱਧ ਹੈੱ
ਮਾਹਿਲਪੁਰ, ਜਿਸ ਨੂੰ ਭਾਰਤੀ ਫੁਟਬਾਲ ਦਾ ਮੱਕਾ ਜਾਂ ਨਰਸਰੀ ਕਿਹਾ ਜਾਂਦਾ ਹੈ, ਫੁਟਬਾਲ ਦੀ ਵੱਡੀ ਵਿਰਾਸਤ ਰੱਖਦਾ ਹੈ ਜੋ ਆਜ਼ਾਦੀ ਤੋਂ ਪਹਿਲਾਂ ਦਾ ਹੈ। ਮਾਹਿਲਪੁਰ ਨੇ ਕਈ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ। ਹੁਸ਼ਿਆਰਪੁਰ ਜ਼ਿਲਾ ਪੰਜਾਬ ਦੇ ਖੇਡ ਸੱਭਿਆਚਾਰ ਦੀ ਅਗਵਾਈ ਕਰਦਾ ਆ ਰਿਹਾ ਹੈ, ਨਾ ਸਿਰਫ ਫੁਟਬਾਲ ਸਗੋਂ ਕਈ ਹੋਰ ਖੇਡਾਂ ਵਿੱਚ ਵੀ ਇਸ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ ਜਿਸ ਕਰਕੇ ਇਹ ਮੈਚ ਕਰਵਾਉਣ ਲਈ ਇੱਕ ਉਚਿਤ ਸਥਾਨ ਬਣਦਾ ਹੈ। ਪੰਜਾਬ ਸਰਕਾਰ ਮਾਹਿਲਪੁਰ ਦੀ ਸਮਰੱਥ ਨੂੰ ਪਛਾਣ ਦੀ ਹੈ ਅਤੇ ਇਸ ਦੀ ਇਤਿਹਾਸਿਕ ਖੇਡ ਵਿਰਾਸਤ ਨੂੰ ਨਵੀਂ ਜ਼ਿੰਦਗੀ ਦੇਣ ਲਈ ਇਸ ਤਰ੍ਹਾਂ ਦੀਆਂ ਯੋਜਨਾਵਾਂ ਦੇ ਜ਼ਰੀਏ ਇਸ ਨੂੰ ਦੁਬਾਰਾ ਜੀਵਤ ਕਰਨ ਦਾ ਉਦੇਸ਼ ਰੱਖਦੀ ਹੈ।
ਸਾਲ 2022 ਤੋਂ ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਲਈ ਕਈ ਕਦਮ ਉਠਾ ਰਹੀ ਹੈ। ਇਸ ਦੇ ਮੁੱਖ ਉਪਰਾਲਿਆਂ ਵਿੱਚ 2022 ਵਿੱਚ “ਖੇਡਾਂ ਵਤਨ ਪੰਜਾਬ ਦੀਆਂ” ਦੀ ਸ਼ੁਰੂਆਤ ਸ਼ਾਮਲ ਹੈ ਜਿਸ ਵਿੱਚ ਵੱਖ-ਵੱਖ ਉਮਰ ਵਰਗਾਂ ਅਤੇ ਖੇਡਾਂ ਵਿੱਚ 4,45,070 ਖਿਡਾਰੀ ਹਿੱਸਾ ਲੈ ਚੁੱਕੇ ਹਨ। ਇਸ ਸਾਲ, “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਪਹਿਲੀ ਵਾਰ ਪੈਰਾ ਸਪੋਰਟਸ ਵੀ ਕਰਵਾਈਆਂ ਜਾ ਰਹੀਆਂ ਹਨ।