ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 29 ਅਗਸਤ ਤੋਂ ਸ਼ੁਰੂ ਹੋਣ ਵਾਲੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਲਈ ਅੱਜ ਟੀ-ਸ਼ਰਟ ਅਤੇ ਲੋਗੋ ਲਾਂਚ ਕੀਤਾ।

ਲੋਗੋ ਅਤੇ ਟੀ-ਸ਼ਰਟ ਨੂੰ ਲਾਂਚ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ‘ਤੇ ਕੌਮੀ ਖੇਡ ਦਿਵਸ ਦੀ ਯਾਦ ਵਿੱਚ 29 ਅਗਸਤ ਨੂੰ ਇਹ ਵੱਡ ਆਕਾਰੀ ਖੇਡ ਮੁਕਾਬਲਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਦਾ ਆਗਾਜ਼ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਤੋਂ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਇਸ ਵਾਰ 37 ਖੇਡਾਂ ਦੇ ਨੌਂ ਉਮਰ ਵਰਗਾਂ ਵਿੱਚ ਪੰਜ ਲੱਖ ਦੇ ਕਰੀਬ ਖਿਡਾਰੀ ਤਗ਼ਮਿਆਂ ਲਈ ਭਿੜਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੇ ਨਕਦ ਇਨਾਮ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਪੈਰਾ ਖੇਡਾਂ ਵਿੱਚ ਅਥਲੈਟਿਕਸ, ਬੈਡਮਿੰਟਨ ਅਤੇ ਪਾਵਰ ਲਿਫਟਿੰਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਵਰਗਾਂ ਵਿੱਚ ਪੰਜਾਬ ਦੇ ਪੈਰਾ ਅਥਲੀਟ ਪੈਰਿਸ ਪੈਰਾਲੰਪਿਕਸ ਵਿੱਚ ਭਾਗ ਲੈ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਵੱਡੇ ਖੇਡ ਪ੍ਰਬੰਧ ਦਾ ਮੰਤਵ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਬਲਾਕ ਪੱਧਰੀ ਮੁਕਾਬਲੇ 1 ਤੋਂ 10 ਸਤੰਬਰ ਤੱਕ, ਜ਼ਿਲ੍ਹਾ ਪੱਧਰੀ ਮੁਕਾਬਲੇ 15-22 ਸਤੰਬਰ ਤੱਕ ਅਤੇ ਰਾਜ ਪੱਧਰੀ ਮੁਕਾਬਲੇ 11 ਅਕਤੂਬਰ ਤੋਂ 9 ਨਵੰਬਰ ਤੱਕ ਕਰਵਾਏ ਜਾਣਗੇ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਦੂਜਾ ਸੀਜ਼ਨ ਸਾਲ 2023 ਵਿੱਚ ਹੋਇਆ ਸੀ, ਜਿਸ ਵਿੱਚ 4.5 ਲੱਖ ਖਿਡਾਰੀਆਂ ਨੇ ਭਾਗ ਲਿਆ ਸੀ ਅਤੇ 12,500 ਜੇਤੂ ਖਿਡਾਰੀਆਂ ਨੂੰ 8.87 ਕਰੋੜ ਰੁਪਏ ਦੇ ਇਨਾਮ ਵੰਡੇ ਗਏ ਸਨ।

By Admin

Leave a Reply

Your email address will not be published. Required fields are marked *