ਫਰੀਦਕੋਟ 20 ਸਤੰਬਰ () ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਵਿੱਚ ਮਨਾਏ ਜਾ ਰਹੇ ਆਗਮਨ ਪੁਰਬ ਦੇ ਸਬੰਧ ਵਿੱਚ ਅੱਜ ਵੱਖ ਵੱਖ ਰਾਜਾਂ ਦੇ ਪਹਿਰਾਵਿਆਂ ਅਤੇ ਵਿਰਾਸਤ ਦੇ ਰੰਗ ਵਿੱਚ ਰੰਗਿਆ ਵਿਰਾਸਤੀ ਕਾਫਲਾ ਕਿਲ੍ਹਾ ਮੁਬਾਰਕ ਤੋਂ ਸ਼ੁਰੂ ਹੋ ਕੇ ਦਰਬਾਰ ਗੰਜ ਪੁੱਜਾ ਜਿੱਥੇ ਵੱਡੀ ਗਿਣਤੀ ਵਿੱਚ ਮੌਜੂਦ ਦਰਸ਼ਕਾਂ ਨੂੰ ਕਾਫਲੇ ਨੇ ਵਿਰਾਸਤ ਦੇ ਰੰਗ ਵਿੱਚ ਰੰਗਿਆ। ਇਸ ਵਿਰਾਸਤੀ ਕਾਫਲੇ ਨੂੰ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ, ਐਸ.ਐਸ.ਪੀ. ਡਾ. ਪ੍ਰਗਿੱਆ ਜੈਨ ਨੇ ਕਿਲ੍ਹਾ ਮੁਬਾਰਕ ਤੋਂ ਸਾਂਝੇ ਤੌਰ ਤੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਪੂਰੇ ਕਾਫਿਲੇ ਵਿੱਚ ਜਿਲੇ ਦੀਆਂ ਵੱਖ ਵੱਖ ਸਿੱਖਿਆ ਸੰਸਥਾਵਾਂ ਤੋਂ ਇਲਾਵਾ ਨੌਰਥ ਜੋਨ ਕਲਚਰ ਸੈਂਟਰ ਦੇ ਕਲਾਕਾਰਾਂ ਨੇ ਵੀ ਵੱਖ ਵੱਖ ਰਾਜਾਂ ਦੇ ਸੱਭਿਆਚਾਰ ਨੂੰ ਪੇਸ਼ ਕਰਦੀਆਂ ਵੰਨਗੀਆਂ ਪੇਸ਼ ਕੀਤੀਆ। ਕਾਫਲੇ ਦੇ ਰਾਹ ਵਿੱਚ ਸ਼ਹਿਰ ਵਾਸੀਆਂ ਨੇ ਸਮੁੱਚੇ ਕਾਫਲੇ ਦਾ ਸਵਾਗਤ ਕੀਤਾ ਅਤੇ ਇਸ ਦਾ ਆਨੰਦ ਮਾਣਿਆ।
ਵਿਧਾਇਕ ਸ. ਸੇਖੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਪੁਰਾਤਨ ਵਿਰਸੇ ਨਾਲ ਜੋੜ੍ਹਨ ਲਈ ਵਿਰਾਸਤੀ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਅੱਜ ਦੀ ਪੀੜੀ ਨੂੰ ਪੰਜਾਬ ਦੇ ਅਮੀਰ ਵਿਰਸੇ ਬਾਰੇ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੇਲੇ ਦਾ ਮੁੱਖ ਮਕਸਦ ਹੀ ਲੋਕਾਂ ਨੂੰ ਇੱਕ ਦੂਜੇ, ਧਰਮ ਅਤੇ ਵਿਰਾਸਤ ਨਾਲ ਜੋੜਨਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਕੱਲ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੀ ਸੁਖਮਨੀ ਸਾਹਿਬ ਦੇ ਪਾਠ ਨਾਲ ਸ਼ੁਰੂਆਤ ਹੋਈ ਹੈ ਅਤੇ ਵਿਰਾਸਤੀ ਕਾਫਲੇ ਬਾਬਾ ਫਰੀਦ ਆਗਮਨ ਪੁਰਬ ਮੇਲੇ ਦਾ ਬਹੁਤ ਅਹਿਮ ਹਿੱਸਾ ਹੈ, ਜਿਸ ਨੂੰ ਹਰ ਸਾਲ ਕੱਢਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਫਲੇ ਵਿੱਚ ਵੱਖ ਵੱਖ ਸਕੂਲਾਂ ਦੇ ਬੱਚੇ ਰਿਵਾਇਤੀ ਪਹਿਰਾਵਿਆਂ ਵਿੱਚ ਸੱਜ ਕੇ, ਘੋੜੇ , ਊਠਾਂ ਨੂੰ ਸਿੰਗਾਰ ਕੇ ਕਿਲ੍ਹਾ ਮੁਬਾਰਕ ਤੋਂ ਲੋਕਾਂ ਨੂੰ ਵਿਰਾਸਤ ਨਾਲ ਜੋੜਦੇ ਹੋਏ ਦਰਬਾਰ ਗੰਜ ਤੱਕ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਮੇਲੇ ਵਿੱਚ ਹੋਰ ਵੀ ਸੱਭਿਆਚਾਰਕ ਅਤੇ ਖੇਡਾਂ ਦੇ ਪ੍ਰੋਗਰਾਮ ਰੱਖੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਮੇਲੇ ਦਾ ਆਨੰਦ ਮਾਣਨ।
ਇਸ ਮੌਕੇ ਐਸ.ਐਸ.ਪੀ. ਡਾ. ਪ੍ਰਗਿੱਆ ਜੈਨ ਨੇ ਲੋਕਾਂ ਨੂੰ ਬਾਬਾ ਫਰੀਦ ਆਗਮਨ ਪੁਰਬ ਦੀ ਵਧਾਈ ਦਿੰਦਿਆਂ ਵਿਰਾਸਤ ਦੇ ਨਾਲ ਜੁੜੇ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਆਗਮਨ ਪੁਰਬ ਨੂੰ ਲੈ ਕੇ ਜਿਲ੍ਹੇ ਵਿੱਚ ਸੁਰੱਖਿਆ ਦੇ ਪੁਖਤੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਮੇਲੇ ਵਿੱਚ ਸ਼ਿਰਕਤ ਕਰਨ।
ਇਸ ਮੌਕੇ ਗੁਰੂਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਲੰਗਰ ਮਾਤਾ ਖੀਵੀ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ ਦੀ ਅਗਵਾਈ ਵਿੱਚ ਵਿਰਾਸਤੀ ਕਾਫਲੇ ਵਿੱਚ ਸ਼ਾਮਲ ਕਲਾਕਾਰਾਂ ਅਤੇ ਆਮ ਲੋਕਾਂ ਲਈ ਲੰਗਰ ਦੀ ਸੇਵਾ ਕੀਤੀ ਗਈ।
ਇਸ ਮੌਕੇ ਬੀਬੀ ਬੇਅੰਤ ਕੌਰ ਸੇਖੋਂ ਧਰਮ ਪਤਨੀ ਵਿਧਾਇਕ ਸ. ਸੇਖੋਂ, ਐਸ. ਡੀ. ਐਮ. ਕੋਟਕਪੂਰਾ ਵੀਰਪਾਲ ਕੌਰ, ਐਸ.ਡੀ.ਐਮ. ਜੈਤੋ ਪਰਲੀਨ ਕੌਰ ਬਰਾੜ, ਜੀ.ਏ. ਤੁਸ਼ਿਤਾ ਗੁਲਾਟੀ, ਡੀ.ਆਰ.ਓ ਲਵਪ੍ਰੀਤ ਕੌਰ, ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਤੇਜ ਸਿੰਘ ਖੋਸਾ, ਚੇਅਰਮੈਨ ਮਾਰਕਿਟ ਕਮੇਟੀ ਅਮਨਦੀਪ ਬਾਬਾ, ਸ. ਹਰਦਿੱਤ ਸਿੰਘ ਸੇਖੋਂ, ਸ. ਅੰਗਰੇਜ ਸਿੰਘ ਸੇਖੋਂ, ਡਾ. ਬਿਕਰਮਜੀਤ ਕੌਰ, ਮਨਪ੍ਰੀਤ ਸਿੰਘ ਧਾਲੀਵਾਲ, ਪ੍ਰਸਿੱਧ ਮੰਚ ਸੰਚਾਲਕ ਜਸਬੀਰ ਜੱਸੀ, ਮਹੀਪ ਇੰਦਰ ਸਿੰਘ ਸੇਖੋਂ, ਸਮਾਜ ਸੇਵੀ ਪ੍ਰਵੀਨ ਕਾਲਾ, ਸਮਾਜ ਸੇਵੀ ਸੁਰੇਸ਼ ਅਰੋੜਾ,ਸਤਗੁਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।