1947 ਦੀ ਦੇਸ਼ ਵੰਡ ਦੌਰਾਨ ਸਿੱਖ ਸੰਗਤ ਤੋਂ ਵਿਛੜਿਆ ਇੱਕ ਹੋਰ ਇਤਿਹਾਸਕ ਗੁਰਧਾਮ ਹੁਣ ਮੁੜ ਸੰਗਤ ਲਈ ਖੋਲ੍ਹ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਨੌਸ਼ਹਿਰਾ ਵਿਰਕਾਂ ਇਲਾਕੇ ਵਿੱਚ ਸਥਿਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਖਾਰਾ ਸਾਹਿਬ (ਭਾਈ ਕੇ ਮੱਟੂ) ਨੂੰ ਕਰੀਬ 80 ਸਾਲਾਂ ਬਾਅਦ ਮੁੜ ਖੋਲ੍ਹਿਆ ਗਿਆ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਦਘਾਟਨੀ ਰਸਮ ਅਦਾ ਕੀਤੀ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਜੁੜਿਆ ਹੈ ਇਤਿਹਾਸ
ਇਹ ਪਾਵਨ ਅਸਥਾਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ। ਇਤਿਹਾਸਕ ਮਾਨਤਾਵਾਂ ਅਨੁਸਾਰ ਗੁਰੂ ਸਾਹਿਬ 1620 ਈਸਵੀ ਵਿੱਚ ਕਸ਼ਮੀਰ ਤੋਂ ਵਾਪਸੀ ਸਮੇਂ ਇੱਥੇ ਪਹੁੰਚੇ ਸਨ ਅਤੇ ਕਰੀਬ ਇੱਕ ਮਹੀਨਾ ਠਹਿਰ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਸੀ। ਲੰਮੇ ਸਮੇਂ ਤੋਂ ਬੰਦ ਪਏ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਹਾਲਤ ਵੀ ਕਾਫ਼ੀ ਖਸਤਾ ਹੋ ਚੁੱਕੀ ਸੀ।
ਪੁਰਾਤਨ ਦਿੱਖ ਬਰਕਰਾਰ ਰੱਖ ਕੇ ਹੋਈ ਸੇਵਾ
ਗੁਰਦੁਆਰਾ ਸਾਹਿਬ ਦੀ ਮੁਰੰਮਤ ਅਤੇ ਨਵੀਨੀਕਰਨ ਦੌਰਾਨ ਇਸ ਦੀ ਪੁਰਾਣੀ ਵਿਰਾਸਤੀ ਦਿੱਖ ਨੂੰ ਖ਼ਾਸ ਤੌਰ ‘ਤੇ ਕਾਇਮ ਰੱਖਿਆ ਗਿਆ। ਸੇਵਾ ਸੰਭਾਲ ਸੰਸਥਾ ਵੱਲੋਂ ਸਿੱਖ ਸੰਗਤ, ਪਾਕਿਸਤਾਨ ਦੇ ਓਕਾਫ਼ ਬੋਰਡ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਹ ਕਾਰਜ ਪੂਰਾ ਕੀਤਾ ਗਿਆ। ਇਸ ਕੰਮ ਵਿੱਚ ਲਾਹੌਰ ਦੇ ਨੈਸ਼ਨਲ ਕਾਲਜ ਆਫ਼ ਆਰਟਸ ਨੇ ਵੀ ਸਲਾਹਕਾਰ ਵਜੋਂ ਸਹਿਯੋਗ ਦਿੱਤਾ।
ਭਾਰਤ ਸਮੇਤ ਕਈ ਦੇਸ਼ਾਂ ਤੋਂ ਪਹੁੰਚੀ ਸੰਗਤ
ਗੁਰਦੁਆਰਾ ਸਾਹਿਬ ਦੇ ਮੁੜ ਖੁੱਲ੍ਹਣ ਦੇ ਸਮਾਗਮ ਵਿੱਚ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਭਾਰਤ, ਮਲੇਸ਼ੀਆ ਅਤੇ ਹੋਰ ਦੇਸ਼ਾਂ ਤੋਂ ਸਿੱਖ ਸੰਗਤ ਪਹੁੰਚੀ। ਇਸ ਮੌਕੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਅਰਦਾਸ ਕੀਤੀ ਗਈ ਅਤੇ ਸ੍ਰੀ ਨਨਕਾਣਾ ਸਾਹਿਬ ਤੋਂ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪ੍ਰਕਾਸ਼ ਕੀਤਾ ਗਿਆ। ਇਸ ਤੋਂ ਬਾਅਦ ਰਹਿਰਾਸ ਸਾਹਿਬ ਦੇ ਪਾਠ ਅਤੇ ਗੁਰਬਾਣੀ ਕੀਰਤਨ ਨਾਲ ਦੀਵਾਨ ਸਜਾਏ ਗਏ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮੌਕੇ ਕਿਹਾ ਕਿ 1947 ਦੀ ਵੰਡ ਸਮੇਂ ਸਿੱਖ ਕੌਮ ਆਪਣੇ ਕਈ ਇਤਿਹਾਸਕ ਗੁਰਧਾਮਾਂ ਤੋਂ ਵਿਛੜ ਗਈ ਸੀ। ਇਨ੍ਹਾਂ ਗੁਰਧਾਮਾਂ ਦੀ ਸੇਵਾ-ਸੰਭਾਲ ਕਰਨਾ ਪੂਰੀ ਕੌਮ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਵਿਰਾਸਤ ਨੂੰ ਸੰਭਾਲਣ ਲਈ ਲਗਾਤਾਰ ਯਤਨ ਕਰਨੇ ਚਾਹੀਦੇ ਹਨ।
ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਪੁਰਾਤਨ ਦਿੱਖ ਨੂੰ ਬਰਕਰਾਰ ਰੱਖਣ ਲਈ ਸੇਵਾ ਸੰਭਾਲ ਸੰਸਥਾ ਅਤੇ ਸਹਿਯੋਗ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਾਮਨਾ ਕੀਤੀ ਕਿ ਇਸ ਗੁਰਧਾਮ ਦੇ ਮੁੜ ਖੁੱਲ੍ਹਣ ਨਾਲ ਦੋਵੇਂ ਪੰਜਾਬਾਂ ਵਿਚਕਾਰ ਪਿਆਰ, ਸ਼ਾਂਤੀ ਅਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ।
