ਬਰਨਾਲਾ, 28 ਜਨਵਰੀ
    ਵਿਧਾਇਕ ਵਿਧਾਨ ਸਭਾ ਹਲਕਾ ਭਦੌੜ ਸ. ਲਾਭ ਸਿੰਘ ਉੱਗੋਕੇ ਵਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਲਕਾ ਭਦੌੜ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ।
    ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾ ਰਹੀ, ਇਸ ਲਈ ਹਲਕਾ ਭਦੌੜ ਵਿੱਚ ਚੱਲ ਰਹੇ ਵਿਕਾਸ ਕਾਰਜ ਤੇਜ਼ੀ ਨਾਲ ਨੇਪਰੇ ਚਾੜੇ ਜਾਣ ਅਤੇ ਜਿਹੜੇ ਕੰਮ ਅਜੇ ਨਹੀਂ ਸ਼ੁਰੂ ਹੋਏ ਉਨ੍ਹਾਂ ਨੂੰ ਜਲਦ ਸ਼ੁਰੂ ਕਰਾਇਆ ਜਾਵੇ।

 ਉਨ੍ਹਾਂ ਹਲਕੇ ਦੇ ਪਿੰਡਾਂ ਅੰਦਰ ਉਸਾਰੀਆਂ ਜਾ ਰਹੀਆਂ ਆਂਗਣਵਾੜੀ ਕੇਂਦਰਾਂ ਦੀਆਂ ਇਮਾਰਤਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸਤਵੰਤ ਸਿੰਘ ਨੇ ਦੱਸਿਆ ਕਿ ਹਲਕਾ ਭਦੌੜ ਦੇ ਪਿੰਡ ਨੈਣੇਵਾਲ, ਪੰਧੇਰ ਵਿਖੇ ਆਂਗਣਵਾੜੀ ਕੇਂਦਰਾਂ ਦੀਆਂ ਇਮਾਰਤਾਂ ਤਿਆਰ ਹਨ। ਇਸ ਤੋਂ ਇਲਾਵਾ ਢਿੱਲਵਾਂ, ਧੌਲਾ, ਕੋਠੇ ਨਿਰੰਜਨ ਸਿੰਘ ਵਾਲਾ, ਕਾਲੇਕੇ, ਭੈਣੀ ਫੱਤਾ ਤੇ ਅਸਪਾਲ ਕਲਾਂ ਵਿਖੇ ਕੰਮ ਚੱਲ ਰਿਹਾ ਹੈ। ਕਰੀਬ ਢਾਈ ਕਰੋੜ ਦੀ ਲਾਗਤ ਨਾਲ ਪਹਿਲੇ ਪੜਾਅ ਵਿੱਚ ਜ਼ਿਲ੍ਹਾ ਬਰਨਾਲਾ ਵਿੱਚ 25 ਆਂਗਣਵਾੜੀ ਕੇਂਦਰ ਬਣਾਏ ਜਾਣੇ ਹਨ।
 ਇਸ ਮੌਕੇ ਸ. ਉੱਗੋਕੇ ਵਲੋਂ ਵਿਕਾਸ ਕਾਰਜਾਂ ਲਈ ਸਰਕਾਰ ਵਲੋਂ ਜਾਰੀ ਗ੍ਰਾਂਟਾਂ ਬਾਰੇ ਜਾਣਕਾਰੀ ਲਈ ਗਈ ਅਤੇ ਖੇਡ ਮੈਦਾਨਾਂ ਦਾ ਕੰਮ ਤਰਜੀਹੀ ਆਧਾਰ ‘ਤੇ ਕਰਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ ‘ਤੇ ਫੈਂਸਿੰਗ ਅਤੇ ਲਾਈਟਾਂ ਆਦਿ ਲਾਉਣ ਦਾ ਕੰਮ ਜਲਦ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਖਿਡਾਰੀਆਂ ਲਈ ਟਰੈਕ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿਚ ਖਿਡਾਰੀਆਂ ਦੀ ਗਿਣਤੀ ਜਿਆਦਾ ਹੈ, ਓਥੇ ਵੱਡੇ ਟਰੈਕ ਬਣਾਏ ਜਾਣ।

ਉਨ੍ਹਾਂ ਕਿਹਾ ਕਿ ਸਾਰੇ ਵਿਕਾਸ ਕਾਰਜ ਮਿਆਰੀ ਅਤੇ ਸਮਾਂਬੱਧ ਤਰੀਕੇ ਨਾਲ ਨੇਪਰੇ ਚਾੜੇ ਜਾਣ। ਉਨ੍ਹਾਂ ਆਂਗਣਵਾੜੀ ਕੇਂਦਰਾਂ ਦੇ ਕੰਮ ਫਰਵਰੀ ਅੰਤ ਤੱਕ ਅਤੇ ਲਾਇਬ੍ਰੇਰੀਆਂ ਦੇ ਕੰਮ ਮਾਰਚ ਅੰਤ ਤੱਕ ਨੇਪਰੇ ਚੜਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅੰਬੇਦਕਰ ਭਵਨ ਦੀ ਉਸਾਰੀ ਸਬੰਧੀ ਵੀ ਯੋਜਨਾ ਉਲੀਕਣ ‘ਤੇ ਜ਼ੋਰ ਦਿੱਤਾ।
  ਇਸ ਮੌਕੇ ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਅਤੇ ਕਰਮਚਾਰੀ ਲੋਕ ਹਿੱਤ ਵਿੱਚ ਆਪਣੀ ਪੂਰੀ ਭੂਮਿਕਾ ਨਿਭਾਉਣ ਤਾਂ ਜੋ ਅਸੀਂ ਜ਼ਿਲ੍ਹਾ ਬਰਨਾਲਾ ਨੂੰ ਵਿਕਾਸ ਅਤੇ ਖੁਸ਼ਹਾਲੀ ਪੱਖੋਂ ਇਕ ਨੰਬਰ ਜ਼ਿਲ੍ਹਾ ਬਣਾ ਸਕੀਏ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਰਿੰਦਰ ਪਾਲ ਸਿੰਘ, ਡਿਪਟੀ ਸੀ ਈ ਓ (ਜ਼ਿਲ੍ਹਾ ਪ੍ਰੀਸ਼ਦ) ਜਗਤਾਰ ਸਿੰਘ, ਬੀ ਡੀ ਪੀ ਓ ਬਰਨਾਲਾ ਸੁਖਵਿੰਦਰ ਸਿੰਘ, ਬੀ ਡੀ ਪੀ ਓ ਸ਼ਹਿਣਾ ਸਤਿੰਦਰਪਾਲ ਸਿੰਘ ਤੇ ਹੋਰ ਵੱਖ ਵੱਖ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

By Admin

Leave a Reply

Your email address will not be published. Required fields are marked *