ਮਾਣਯੋਗ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਵੱਲੋਂ ਜ਼ਿਲ੍ਹੇ ਵਿੱਚ ਮਿਆਰੀ ਖਾਦ, ਕੀਟਨਾਸ਼ਕ ਦਵਾਈਆਂ ਅਤੇ ਬੀਜਾਂ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਤਿਆਰ ਕੀਤੇ ਗਏ ਉਡਣ ਦਸਤੇ ਵੱਲੋਂ ਡਾ. ਜਸਕਰਨ ਸਿੰਘ ਕੁਲਾਰ ਦੀ ਅਗਵਾਈ ਵਾਲੀ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਬਲਾਕ ਰਾਮਪੁਰਾ ਦੇ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਦੇ ਗੋਦਾਮਾਂ ਦੀ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਏ.ਡੀ.ਓ ਡਾ. ਅਸਮਾਨਪ੍ਰੀਤ ਸਿੰਘ, ਏ.ਡੀ.ਓ ਡਾ. ਦਵਿੰਦਰ ਪਾਲ ਸਿੰਘ, ਏ.ਡੀ.ਓ ਡਾ. ਸੁਖਜੀਤ ਸਿੰਘ ਅਤੇ ਸਹਾਇਕ ਸਟਾਫ਼ ਵੱਲੋਂ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਮੇਘ ਰਾਜ ਸੁਰਿੰਦਰ ਕੁਮਾਰ, ਕਲਿਆਣ ਚੰਦ ਸ਼ਸ਼ੀ ਭੂਸ਼ਣ, ਬਾਹੀਆ ਸੈਲਜ ਕਾਰਪੋਰੇਸ਼ਨ, ਰਾਜ ਕੁਮਾਰ ਚਿਮਨ ਲਾਲ ਅਤੇ ਦੇਵੀ ਦਿਆਲ ਸੈਲਜ ਕਾਰਪੋਰੇਸ਼ਨ ਦੇ 7 ਸੈਂਪਲ ਲਏ ਗਏ, ਜੋ ਟੈਸਟ ਕਰਨ ਲਈ ਸਬੰਧਤ ਪ੍ਰਯੋਗਸ਼ਾਲਾਵਾ ਨੂੰ ਭੇਜ ਦਿੱਤੇ ਗਏ।
ਇਸ ਮੌਕੇ ਡਾ. ਗਿੱਲ ਵੱਲੋਂ ਜ਼ਿਲ੍ਹੇ ਦੇ ਸਮੂਹ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੀ ਫਰਮ ਅਤੇ ਗੋਦਾਮਾਂ ਦੀ ਚੈਕਿੰਗ ਦੌਰਾਨ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਦਾ ਪੂਰਾ ਸਾਥ ਦੇਣ ਅਤੇ ਇਸ ਦੌਰਾਨ ਬਿਨਾਂ ਪ੍ਰਵਾਨਗੀ ਤੋਂ ਕੋਈ ਵੀ ਬਾਹਰਲੇ ਵਿਅਕਤੀ ਫਰਮ ਚ ਦਾਖਲ ਨਾ ਦੇਣI
ਮੁੱਖ ਖੇਤੀਬਾੜੀ ਅਫ਼ਸਰ ਨੇ ਇਸ ਮੌਕੇ ਡੀਲਰਾਂ ਨੂੰ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖਾਦ, ਬੀਜ਼ ਅਤੇ ਕੀਟਨਾਸ਼ਕ ਦਵਾਈਆਂ ਹੀ ਉਪਲੱਬਧ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਕਿਸੇ ਡੀਲਰ ਵੱਲੋਂ ਇਸ ਦੀ ਉਲੰਘਣਾ ਕੀਤੀ ਗਈ ਪਾਈ ਜਾਂਦੀ ਹੈ ਤਾਂ ਉਸ ਖਿਲਾਫ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।