ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਾਫ ਨਹਿਰੀ ਪੀਣ ਦੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਅਬੋਹਰ ਅਤੇ ਬੱਲੂਆਣਾ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ 122 ਪਿੰਡਾਂ ਤੇ 15 ਢਾਣੀਆਂ ਵਿਚ ਸਾਫ ਪੀਣ ਦਾ ਪਾਣੀ ਮੁਹੱਈਆਂ ਕਰਵਾਉਣ ਲਈ ਪਿੰਡ ਪੱਤਰੇਵਾਲਾ ਵਿਚ ਨਹਿਰੀ ਪਾਣੀ ਅਧਾਰਿਤ ਬਹੁਪੱਖੀ ਜਲ ਸਪਲਾਈ ਸਕੀਮ ਤਿਆਰ ਕੀਤੀ ਜਾ ਰਹੀ ਹੈ। ਇਹ 578.28 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਅਤੇ ਜਿਸਦਾ ਨੀਂਹ ਪੱਥਰ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਖੁਦ ਰੱਖਿਆ ਸੀ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਇਸ ਪ੍ਰੋਜੈਕਟ ਦਾ ਦੌਰਾ ਕਰਕੇ ਇਸਦਾ ਜਾਇਜ਼ਾ ਲਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਧਰਤੀ ਹੇਠਲੇ ਪਾਣੀ ਦੀ ਕੁਆਲਿਟੀ ਪੀਣ ਦੇ ਯੋਗ ਨਹੀਂ ਸੀ ਅਤੇ ਇਸ ਵਿੱਚ ਭਾਰੀ ਧਾਤਾਂ ਦੀ ਮਿਲਾਵਟ ਹੋਣ ਕਾਰਨ ਇਸ ਪਾਣੀ ਨੂੰ ਪੀਣ ਨਾਲ ਲੋਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਸਨ। ਇਸ ਲਈ ਸਰਕਾਰ ਨੇ ਇਸ ਸਮੱਸਿਆ ਦੇ ਸਥਾਈ ਹੱਲ ਲਈ ਨਹਿਰੀ ਪਾਣੀ ਅਧਾਰਤ ਇਹ ਮੈਗਾ ਵਾਟਰ ਵਰਕਸ ਤਿਆਰ ਕਰਨ ਦਾ ਪ੍ਰੋਜੈਕਟ ਆਰੰਭ ਕੀਤਾ ਸੀ। ਇਸ ਪ੍ਰੋਜੈਕਟ ਤੋਂ ਅਬੋਹਰ, ਖੂਹੀਆਂ ਸਰਵਰ, ਅਰਨੀਵਾਲਾ ਅਤੇ ਫਾਜ਼ਿਲਕਾ ਬਲਾਕਾਂ ਦੇ 122 ਪਿੰਡਾਂ ਤੇ 15 ਢਾਣੀਆਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਇਸ ਤੋਂ ਹਾਲ ਦੀ ਘੜੀ 79,190 ਪਰਿਵਾਰਾਂ ਦੇ 4,75,144 ਲੋਕਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ ਪਰ ਇਹ ਪ੍ਰੋਜੈਕਟ 2054 ਵਿੱਚ ਇਸ ਇਲਾਕੇ ਦੀ ਅਨੁਮਾਨਤ ਆਬਾਦੀ 6 ਲੱਖ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ।

ਇਸ ਵਿੱਚ ਪੀਣ ਦੀ ਸਪਲਾਈ ਲਈ ਪਾਣੀ ਗੰਗ ਕਨਾਲ ਤੋਂ ਲਿਆ ਜਾਵੇਗਾ ਅਤੇ ਇਸ ਦੀ ਸਮਰੱਥਾ 68 ਐਮ ਐਲ ਡੀ ਹੈ। ਪੱਤਰੇ ਵਾਲੇ ਦੇ ਇਸ ਪਲਾਂਟ ਦਾ ਨਿਰਮਾਣ ਲਾਰਸਨ ਐਂਡ ਟਰਬੋ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ । ਇੱਥੇ ਪਾਣੀ ਨੂੰ ਸਾਫ ਕਰਕੇ ਅੱਗੋਂ ਪੂਰੇ ਇਲਾਕੇ ਦੇ ਪਿੰਡਾਂ ਤੱਕ ਪਾਈਪਾਂ ਰਾਹੀਂ ਸਪਲਾਈ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ 31 ਮਾਰਚ 2025 ਤੱਕ ਪੂਰਨ ਮੁਕੰਮਲ ਹੋਣ ਦੀ ਆਸ ਹੈ । ਹਾਲ ਦੀ ਘੜੀ ਵਾਟਰ ਟਰੀਟਮੈਂਟ ਪਲਾਂਟ ਦਾ 70 ਫੀਸਦੀ ਤੋਂ ਜਿਆਦਾ ਕੰਮ ਮੁਕੰਮਲ ਹੋ ਚੁੱਕਾ ਹੈ। ਜਦੋਂ ਕਿ ਇਥੋਂ 439 ਕਿਲੋਮੀਟਰ ਲੰਬੀ ਪਾਈਪ ਵੱਖ-ਵੱਖ ਪਿੰਡਾਂ ਤੱਕ ਪਵੇਗੀ ਜਿਸ ਵਿੱਚੋਂ 278 ਕਿਲੋਮੀਟਰ ਪਾਈਪ ਪਾਈ ਜਾ ਚੁੱਕੀ ਹੈ। ਇਸ ਤੋਂ ਬਿਨਾਂ 21 ਨੰਬਰ ਪਾਣੀ ਦੀਆਂ ਨਵੀਂਆਂ ਟੈਕੀਆਂ ਵੀ ਵੱਖ-ਵੱਖ ਪਿੰਡਾਂ ਵਿੱਚ ਬਣਾਈਆਂ ਜਾਣਗੀਆਂ ਜਦੋਂ ਕਿ ਪਿੰਡਾਂ ਦੇ ਅੰਦਰ ਜੋ ਪਾਈਪਲਾਈਨ ਪੈਣੀ ਹੈ ਉਸ ਦੀ ਲੰਬਾਈ 700 ਕਿਲੋਮੀਟਰ ਹੈ।

ਇਸ ਮੌਕੇ ਕਾਰਜਕਾਰੀ ਇੰਜਨੀਅਰ ਅੰਮ੍ਰਿਤ ਦੀਪ ਸਿੰਘ ਭੱਠਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਬਨਣ ਨਾਲ ਲੋਕਾਂ ਨੂੰ ਸਾਫ ਪੀਣ ਦਾ ਪਾਣੀ ਮੁਹਈਆ ਹੋਵੇਗਾ ਜੋ ਹਰ ਪ੍ਰਕਾਰ ਦੇ ਖਤਰਨਾਕ ਤੱਤਾਂ ਤੋਂ ਮੁਕਤ ਹੋਵੇਗਾ ਅਤੇ ਇੱਕ ਸਿਹਤਯਾਬ ਪੰਜਾਬ ਦੀ ਸਿਰਜਣਾ ਵਿੱਚ ਇਹ ਪ੍ਰੋਜੈਕਟ ਮੀਲ ਦਾ ਪੱਥਰ ਸਾਬਿਤ ਹੋਵੇਗਾ। ਇਸ ਮੌਕੇ ਐਸਡੀਓ ਰਤਨਜੋਤ ਸਿੰਘ, ਪ੍ਰੋਜੈਕਟ ਇੰਚਾਰਜ ਅਨਿਲ ਕੁਮਾਰ ਤੇ ਸੌਰਭ ਭੱਟ ਵੀ ਹਾਜ਼ਰ ਸਨ।

By Admin

Leave a Reply

Your email address will not be published. Required fields are marked *