ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਲੁਧਿਆਣਾ ਵਿੱਚ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕੀਤਾ। ਕੇਜਰੀਵਾਲ ਨੇ ‘ਆਪ’ ਉਮੀਦਵਾਰ ਦੇ ਨਾਲ ਰੋਡ ਸ਼ੋ ਕੀਤਾ ਅਤੇ ਲੋਕਾਂ ਨੂੰ ਪੱਪੀ ਪਰਾਸ਼ਰ ਨੂੰ ਜਿਤਾਉਣ ਦੀ ਅਪੀਲ ਕੀਤੀ।

ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ। ਕਿਸੇ ਨੇ ਤੁਹਾਡੇ ਲਈ ਕੁਝ ਨਹੀਂ ਕੀਤਾ ਅਤੇ ਨਾ ਹੀ ਤੁਹਾਡੇ ਮੁੱਦੇ ਸੰਸਦ ਵਿੱਚ ਉਠਾਏ। ਇਸ ਵਾਰ ਉਮੀਦਵਾਰ ਪੱਪੀ ਪਰਾਸ਼ਰ ਨੂੰ ਜਿਤਾਓ।

ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਨੂੰ ਵੋਟ ਪਾਉਣ ਦਾ ਮਤਲਬ ਆਪਣੀ ਵੋਟ ਬਰਬਾਦ ਕਰਨਾ ਹੈ। ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਬਾਹਰੀ ਹਨ। ਉਨ੍ਹਾਂ ਨੂੰ ਲੁਧਿਆਣੇ ਬਾਰੇ ਕੁਝ ਨਹੀਂ ਪਤਾ। ਜਦੋਂ ਕਿ ਪੱਪੀ ਪਰਾਸ਼ਰ ਲੁਧਿਆਣਾ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ।  ਉਹ ਤੁਹਾਡੇ ਮੁੱਦੇ ਸੰਸਦ ਵਿੱਚ ਉਠਾਉਣਗੇ ਅਤੇ ਤੁਹਾਡੇ ਹੱਕਾਂ ਲਈ ਲੜਨਗੇ।

ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਵਿਧਾਨ ਸਭਾ ਚੋਣਾਂ ਵਿੱਚ 92 ਸੀਟਾਂ ਜਿੱਤ ਕੇ ਸਾਡੀ ਸਰਕਾਰ ਬਣਾਈ ਸੀ।  ਹੁਣ ਸਾਨੂੰ 13 ਸੰਸਦ ਮੈਂਬਰ ਦੇ ਕੇ ਕੇਂਦਰ ਵਿੱਚ ਮਜ਼ਬੂਤ ਕਰੋ। ਫਿਰ ਕੇਂਦਰ ਸਰਕਾਰ ਨਾਲ ਸਬੰਧਿਤ ਸਾਰੇ ਮਸਲੇ ਹੱਲ ਕਰਵਾ ਕੇ ਪੰਜਾਬ ਦੇ ਸਾਰੇ ਬਕਾਇਆ ਫੰਡ ਜਾਰੀ ਕਰਵਾਵਾਂਗੇ। ਸਾਡੇ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦੇ ਹੱਕਾਂ ਲਈ ਲੜਨਗੇ।

ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਦਿੱਲੀ ਅਤੇ ਪੰਜਾਬ ‘ਚ ਬਿਜਲੀ ਮੁਫ਼ਤ ਕੀਤੀ। ਭਾਜਪਾ ਸ਼ਾਸਤ ਰਾਜਾਂ ਵਿੱਚ ਬਿਜਲੀ ਸਭ ਤੋਂ ਮਹਿੰਗੀ ਹੈ। ਫਿਰ ਵੀ ਭਾਜਪਾ ਵਾਲੇ ਮੈਨੂੰ ਭ੍ਰਿਸ਼ਟ ਕਹਿੰਦੇ ਹਨ।  ਤੁਸੀਂ ਹੀ ਦੱਸੋ ਕਿ ਮੁਫ਼ਤ ਬਿਜਲੀ ਦੇਣ ਵਾਲਾ ਭ੍ਰਿਸ਼ਟ ਹੈ ਜਾਂ ਮਹਿੰਗੀ ਬਿਜਲੀ ਦੇਣ ਵਾਲਾ?

ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭਾਜਪਾ ਵਾਲੇ ਤੁਹਾਡੀ ਮੁਫ਼ਤ ਬਿਜਲੀ ਬੰਦ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਅਮਿਤ ਸ਼ਾਹ ਨੇ ਕੱਲ੍ਹ ਲੁਧਿਆਣਾ ਜਾ ਕੇ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਹੈ ਕਿ ਉਹ 4 ਜੂਨ ਨੂੰ ‘ਆਪ’ ਸਰਕਾਰ ਨੂੰ ਬਰਖ਼ਾਸਤ ਕਰ ਦੇਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਦੇਣਗੇ। ‘ਆਪ’ ਸਰਕਾਰ ਨੂੰ ਡੇਗਣ ਦਾ ਮੁੱਖ ਉਦੇਸ਼ ਮੁਫ਼ਤ ਬਿਜਲੀ ਅਤੇ ਮੁਹੱਲਾ ਕਲੀਨਿਕ ਬੰਦ ਕਰਨਾ ਹੈ। ਇਸ ਲਈ ਜੇਕਰ ਤੁਸੀਂ ਭਾਜਪਾ ਨੂੰ ਵੋਟ ਦਿੰਦੇ ਹੋ ਤਾਂ ਤੁਹਾਡੀ ਮੁਫ਼ਤ ਬਿਜਲੀ ਬੰਦ ਹੋ ਜਾਵੇਗੀ, ਮੁਹੱਲਾ ਕਲੀਨਿਕ ਅਤੇ ਸਕੂਲ ਆਫ਼ ਐਮੀਨੈਂਸ ਬਣਨੇ ਬੰਦ ਹੋ ਜਾਣਗੇ।

By Admin

Leave a Reply

Your email address will not be published. Required fields are marked *