ਆਯੁਸ਼ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀ.ਐਮ.ਯੋਗਸ਼ਾਲਾ ਦੇ ਤਹਿਤ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਜਿਲ੍ਹਾ ਪੱਧਰੀ ਸਮਾਗਮ ਕੰਪਨੀ ਬਾਗ ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਨੇ ਦੱਸਿਆ ਕਿ 21 ਜੂਨ ਨੂੰ ਸਵੇਰੇ 5:00 ਤੋਂ 7:00 ਵਜੇ ਤੱਕ ਕੰਪਨੀ ਬਾਗ ਵਿਖੇ ਯੋਗਾ ਕਰਵਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ 5 ਥਾਵਾਂ ਤੇ ਵੀ ਯੋਗ ਕਲਾਸਾਂ ਲੱਗਣਗੀਆਂ। 
ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ 21 ਜੂਨ ਨੂੰ ਸਵੇਰੇ 5:00 ਵਜੇ ਕੰਪਨੀ ਬਾਗ ਵਿਖੇ ਜ਼ਰੂਰ ਪਹੁੰਚਣ। ਉਨਾਂ ਦੱਸਿਆ ਕਿ ਸ਼ਹਿਰ ਵਿੱਚ ਕੰਪਨੀ ਬਾਗ ਤੋਂ ਇਲਾਵਾ ਸੱਤ ਏਕੜ ਪਾਰਕ ਨਿਊ ਅੰਮ੍ਰਿਤਸਰ, ਸੀਪੀ ਪਾਰਕ ਕੈਂਟ ਚੌਂਕ,   ਕੋਟ ਖਾਲਸਾ ਪਾਰਕ, ਗੋਲਡਨ ਪਾਰਕ ਬੱਸ ਸਟੈਂਡ ਅਤੇ ਗੁਰੂ ਅਮਰਦਾਸ ਪਾਰਕ ਦਸ਼ਮੇਸ਼ ਐਵੀਨਿਊ ਵਿਖੇ ਵੀ ਯੋਗਾਂ ਦੀਆਂ ਕਲਾਸਾਂ ਲਗਣਗੀਆਂ।
ਉਨਾਂ ਦੱਸਿਆ ਕਿ ਸਾਰੇ ਬਲਾਕਾਂ ਵਿੱਚ ਸਵੇਰੇ 6:00 ਤੋਂ 7:00 ਵਜੇ ਤੱਕ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਲੋਕਾਂ ਨੂੰ ਯੋਗ ਸਿਖਾਇਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨ ਨੇ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਉਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਯੋਗਾ ਕਲਾਸਾਂ ਵਿੱਚ ਜ਼ਰੂਰ ਭਾਗ ਲੈਣ ਅਤੇ ਆਪਣੇ ਸ਼ਰੀਰ ਨੂੰ ਤੰਦਰੁਸਤ ਬਣਾਉਣ। 

ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨ ਕੌਰ, ਐਸ.ਡੀ.ਐਮ. ਮਨਕੰਵਲ ਚਾਹਲ, ਸਿਵਲ ਸਰਜਨ ਡਾ. ਸੁਮਿਤ ਸਿੰਘ, ਜਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਦਿਨੇਸ਼, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੰਦੀਪ ਮਲਹੋਤਰਾ, ਯੋਗਾ ਸੁਪਰਵਾਈਜ਼ਰ ਸ: ਗੁਰਪ੍ਰੀਤ ਸਿੰਘ, ਤਹਿਸੀਲਦਾਰ ਸ: ਅਮਰਜੀਤ ਸਿੰਘ, ਅਸਟੇਟ ਅਫ਼ਸਰ ਧਰਮਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

By Admin

Leave a Reply

Your email address will not be published. Required fields are marked *