ਸਥਾਨਕ ਦਾਣਾ ਮੰਡੀ ਵਿਖੇ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਸਬੰਧੀ ਜ਼ਿਲ੍ਹਾ ਪੱਧਰ ਦਾ ਕਿਸਾਨ ਮੇਲਾ ਲਗਾਇਆ ਗਿਆ। ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਲਤੀਫ ਮੁਹੰਮਦ ਵੱਲੋ ਕੀਤਾ ਗਿਆ ਅਤੇ ਸਰਕਾਰੀ/ਅਰਧ-ਸਰਕਾਰੀ ਅਤੇ ਪ੍ਰਾਈਵੇਟ ਨੁਮਾਇਸ਼ਾਂ ਦਾ ਜ਼ਾਇਜ਼ਾ ਲੈਂਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ।
ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੌਦਾ ਸੁਰੱਖਿਆ) ਡਾ. ਨਰਿੰਦਰਪਾਲ ਸਿੰਘ ਬੈਨੀਪਾਲ ਵੱਲੋਂ ਕਿਸਾਨ ਮੇਲੇ ਦੀ ਪ੍ਰਧਾਨਗੀ ਕਰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਦੀ ਨਵੀਨਤਮ ਤਕਨਾਲੋਜੀ ਨੂੰ ਅਪਣਾ ਕੇ ਵੱਧ ਤੋਂ ਵੱਧ ਮੁਨਾਫਾ ਲੈ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੇ ਵੱਧ ਉਤਪਾਦਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਸਿਫਾਰਸ਼ ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦੀ ਹੀ ਵਰਤੋਂ ਕਰਨ ਬਾਰੇ ਕਿਹਾ।
ਉਨ੍ਹਾਂ ਦੱਸਿਆ ਕਿ ਸਾਉਣੀ 2024 ਦੌਰਾਨ ਜ਼ਿਲ੍ਹੇ ਨੂੰ 35500 ਹੈਕਟੇਅਰ ਅਲਾਟ ਕੀਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮੇ ਦੀ ਬਿਜਾਈ ਹੇਠ ਵੱਧ ਤੋਂ ਵੱਧ ਰਕਬਾ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਨਰਮੇ ਦੀ ਬਿਜਾਈ ਨਾਲ ਪਾਣੀ ਦੀ ਬੱਚਤ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਦੀ ਸੰਭਾਲ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਬੇਲੋੜੇ ਖਰਚੇ ਘਟਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ, ਡੀਲਰਾਂ ਤੇ ਸਾਰੇ ਇੰਨਪੁਟਸ ਦੇ ਪੱਕੇ ਬਿੱਲ ਲੈਣ ਅਤੇ ਸਿਫਾਰਸ਼ਸ਼ੁਦਾ ਬੀਜ, ਖਾਦ ਅਤੇ ਦਵਾਈਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ।
ਜਿਲ੍ਹਾ ਸਿਖਲਾਈ ਅਫਸਰ ਡਾ. ਸਰਵਣ ਸਿੰਘ ਦੀ ਅਗਵਾਈ ਵਿੱਚ ਲਗਾਏ ਮੇਲੇ ਦੌਰਾਨ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਮੇਲੇ ਦੌਰਾਨ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ । ਉਨ੍ਹਾਂ ਦੱਸਿਆ ਕਿ ਅੱਗ ਲਗਾਉਣ ਨਾਲ ਵਾਤਾਵਰਣ ਖਰਾਬ ਹੁੰਦਾ ਹੈ, ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ, ਮਨੁੱਖੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ, ਖੇਤਾਂ ਅਤੇ ਸੜਕਾਂ ਦੁਆਲੇ ਰੁੱਖ ਸੜ ਜਾਂਦੇ ਹਨ ਅਤੇ ਦੁਰਘਟਨਾਵਾਂ ਵਾਪਰਨ ਕਾਰਨ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਹੋਰ ਸਹਾਇਕ ਧੰਦੇ ਅਪਨਾਉਣ ਦੀ ਵੀ ਅਪੀਲ ਕੀਤੀ।
ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) 15 ਮਈ ਤੋਂ 31 ਮਈ 2024 ਤੱਕ ਕਰ ਸਕਦੇ ਹਨ ਜਿਸ ਨਾਲ 10-20 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਿੱਧੀ ਬਿਜਾਈ ਦੀ ਸੋਧੀ ਹੋਈ ਤਕਨੀਕ \”ਤਰ-ਵੱਤਰ ਖੇਤ ਵਿੱਚ ਸਿੱਧੀ ਬਿਜਾਈ ਅਪਨਾਉਣ ਦੀ ਅਪੀਲ ਕੀਤੀ, ਜਿਸ ਨਾਲ ਖੇਤੀ ਖਰਚੇ ਘਟਦੇ ਹਨ ਅਤੇ ਕਿਸਾਨ ਦੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ। ਡਾ.ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੇ ਕਿਸਾਨ ਝੋਨੇ ਦੀ ਲਵਾਈ 11 ਜੂਨ 2024 ਤੋਂ ਹੀ ਕਰਨ ਅਤੇ ਨਿਸ਼ਚਿਤ ਮਿਤੀ ਤੋਂ ਪਹਿਲਾਂ ਕੋਈ ਵੀ ਕਿਸਾਨ ਝੋਨੇ ਦੀ ਲਵਾਈ ਨਾ ਕਰੇ। ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਰੋਜ਼ਾਨਾ ਘੱਟੋ-ਘੱਟ 8 ਘੰਟੇ ਮਿਲੇਗੀ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੰਮਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਪੀਲੀ ਪੂਸਾ, ਪੂਸਾ-44 ਅਤੇ ਡੋਗਰ ਪੂਸਾ ਦੀ ਬਿਜਾਈ ਤੋ ਗੁਰੇਜ਼ ਕਰਨ ਕਿਉਂਕਿ ਇਹ ਕਿਸਮਾਂ ਪੀ.ਆਰ.ਕਿਸਮਾਂ ਤੋਂ ਵੱਧ ਪਾਣੀ ਲੈਂਦੀਆਂ ਹਨ ਅਤੇ ਇਨ੍ਹਾਂ ਦੀ ਪਰਾਲੀ ਵੀ ਵੱਧ ਹੁੰਦੀ ਹੈ। ਇਸ ਲਈ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਸਿਫਾਰਸ਼ ਪੀ.ਆਰ.ਕਿਸਮਾਂ ਦੀ ਹੀ ਬਿਜਾਈ ਕਰਨ।
ਇਸ ਮੌਕੇ ਖੇਤਰੀ ਖੋਜ ਕੇਂਦਰ ਬਠਿੰਡਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਖੇਤੀ ਮਾਹਿਰਾਂ ਡਾ. ਪਰਮਜੀਤ ਸਿੰਘ, ਪ੍ਰਿੰਸੀਪਲ ਕਾਟਨ ਬਰੀਡਰ ਨੇ ਸਾਉਣੀ ਦੀਆਂ ਫਸਲਾਂ ਦੀਆਂ ਉਨਤ ਕਿਸਮਾਂ, ਡਾ. ਹਰਜੀਤ ਸਿੰਘ ਬਰਾੜ ਫਸਲ ਵਿਗਿਆਨੀ ਨੇ ਸਾਉਣੀ ਦੀਆਂ ਫਸਲਾਂ ਦੀ ਸੁਚੱਜੀ ਕਾਸ਼ਤ, ਡਾ. ਪ੍ਰਿਤਪਾਲ ਸਿੰਘ ਅਸਿਸਟੈਂਟ ਪ੍ਰੋਫੈਸਰ (ਭੂਮੀ ਵਿਗਿਆਨੀ) ਐਫ.ਏ.ਐਸ.ਸੀ ਨੇ ਸਾਉਣੀ ਦੀਆਂ ਫਸਲਾਂ ਵਿੱਚ ਖਾਦਾਂ ਅਤੇ ਪਾਣੀ ਦੀ ਸੁਚੱਜੀ ਵਰਤੋਂ, ਡਾ. ਵਿਨੇ ਪਠਾਨੀਆਂ ਅਸਿਸਟੈਂਟ ਪ੍ਰੋਫੈਸਰ ਨੇ ਸਾਉਣੀ ਦੀਆਂ ਫਸਲਾਂ ਵਿੱਚ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ, ਡਾ.ਅਮਰਜੀਤ ਸਿੰਘ ਸੰਧੂ ਜ਼ਿਲ੍ਹਾ ਪਸਾਰ ਮਾਹਿਰ (ਸੀਨੀਅਰ ਮੋਸਟ) ਐਫ.ਏ.ਐਸ.ਸੀ ਨੇ ਸਬਜੀਆਂ ਅਤੇ ਬਾਗਾਂ ਦੀ ਸਫਲ ਕਾਸ਼ਤ, ਡਾ.ਅਜੀਤਪਾਲ ਸਿੰਘ ਧਾਲੀਵਾਲ ਪ੍ਰੋਫੈਸਰ (ਐਨੀਮਲ ਸਾਇੰਸ) ਨੇ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ, ਡਾ. ਗੁਰਮੀਤ ਸਿੰਘ ਢਿੱਲੋ ਪ੍ਰੋਫੈਸਰ ਐਕਸਟੈਨਸ਼ਨ ਐਜੂਕੇਸ਼ਨ ਨੇ ਕ੍ਰਿਸ਼ੀ ਵਿਗਿਆਨ ਦੀਆਂ ਗਤੀਵਿਧੀਆਂ ਅਤੇ ਡਾ. ਅਵਤਾਰ ਸਿੰਘ ਪ੍ਰਿੰਸੀਪਲ ਸਾਇੰਟਿਸਟ (ਫੋਰੈਸਟਰੀ) ਨੇ ਖੇਤੀ ਵਿਭਿੰਨਤਾ ਵਿੱਚ ਜੰਗਲਾਤ ਦੀ ਮਹੱਤਤਾ ਬਾਰੇ ਕਿਸਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਖੇਤੀ ਮਾਹਿਰਾਂ ਵੱਲੋ ਕਿਸਾਨਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਤਸੱਲੀਬਖਸ਼ ਜਵਾਬ ਵੀ ਦਿੱਤੇ ਗਏ।
ਸਟੇਜ ਦਾ ਸੰਚਾਲਨ ਡਾ. ਹਰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਟਰੇਨਿੰਗ) ਬਠਿੰਡਾ ਵੱਲੋ ਬਾਖੂਬੀ ਨਿਭਾਇਆ ਅਤੇ ਡਾ. ਸਰਵਣ ਸਿੰਘ, ਜ਼ਿਲ੍ਹਾ ਸਿਖਲਾਈ ਅਫਸਰ, ਬਠਿੰਡਾ ਵੱਲੋ ਕਿਸਾਨਾਂ ਅਤੇ ਮਹਿਮਾਨਾਂ ਦਾ ਕਿਸਾਨ ਮੇਲੇ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਗਿਆ।