ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸ਼ਹਿਰ ਲਈ ਸਿਰਦਰਦੀ ਦਾ ਕਾਰਨ ਬਣੀ ਤੁੰਗ ਢਾਬ ਡਰੇਨ ਨੂੰ ਗੰਦੇ ਨਾਲੇ ਵਿੱਚੋਂ ਕੱਢ ਕੇ ਖੁੱਲਾ ਰਸਤਾ ਅਤੇ ਸੈਰਗਾਹ ਵਜੋਂ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ । ਅੱਜ ਡਰੇਨ ਵਿੱਚੋਂ ਸਫਾਈ ਕਰਨ ਦੀ ਸ਼ੁਰੂਆਤ ਕਰਦੇ ਸਰਦਾਰ ਧਾਲੀਵਾਲ ਨੇ ਦੱਸਿਆ ਕਿ ਇਹ ਡਰੇਨ ਜੋ ਕਿ ਇਸ ਦੇ ਨਾਲ ਲੱਗਦੇ ਵੱਡੇ ਇਲਾਕੇ ਵਿੱਚ ਗੰਭੀਰ ਬਿਮਾਰੀਆਂ ਪੈਦਾ ਕਰਨ ਦਾ ਕਰਨ ਬਣ ਰਹੀ ਹੈ, ਨੂੰ 120 ਕਰੋੜ ਰੁਪਏ ਦੀ ਲਾਗਤ ਨਾਲ ਕਵਰ ਕਰਕੇ ਖੁੱਲੇ ਰਸਤੇ ਅਤੇ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੈਂ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਸ਼ਹਿਰ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਇਸ ਡਰੇਨ ਨੂੰ ਸਾਫ ਕਰਕੇ ਇਲਾਕੇ ਨੂੰ ਗੰਦਗੀ ਤੋਂ ਮੁਕਤ ਕੀਤਾ ਜਾਵੇਗਾ ਅਤੇ ਅੱਜ ਚੋਣ ਨਤੀਜੇ ਦੇ 15 ਦਿਨਾਂ ਬਾਅਦ ਇਸ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ । ਉਹਨਾਂ ਕਿਹਾ ਕਿ ਭਾਵੇਂ ਮੈਂ ਇਹ ਲੋਕ ਸਭਾ ਚੋਣ ਜਿੱਤ ਨਹੀਂ ਸਕਿਆ ਪਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣਾ ਸਮਰਥਨ ਮੈਨੂੰ ਦਿੱਤਾ ਸੀ, ਜਿਸ ਦਾ ਮੈਂ ਸਦਾ ਰਿਣੀ ਰਹਾਂਗਾ।
ਉਹਨਾਂ ਦੱਸਿਆ ਕਿ ਪਹਿਲਾਂ ਇਸ ਗੰਦੇ ਨਾਲੇ ਦੀ ਸਫਾਈ ਕੀਤੀ ਜਾਵੇਗੀ ਉਪਰੰਤ ਇਸ ਨਾਲੇ ਨੂੰ ਕਵਰ ਕਰਕੇ ਸੜਕ ਸਾਈਕਲ ਟਰੈਕ ਅਤੇ ਗਰੀਨ ਬੈਲਟ ਦੀ ਉਸਾਰੀ ਕੀਤੀ ਜਾਵੇਗੀ, ਜਿਸ ਨਾਲ ਜਿੱਥੇ ਲੋਕਾਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ ਉੱਥੇ ਸੈਰ ਕਰਨ ਅਤੇ ਕਸਰਤ ਕਰਨ ਲਈ ਲੰਮੇ ਸਾਈਕਲ ਟਰੈਕ ਮਿਲਣਗੇ। ਉਹਨਾਂ ਅੰਮ੍ਰਿਤਸਰ ਮਿਊਨਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਦਾ ਜ਼ਿਕਰ ਕਰਦੇ ਕਿਹਾ ਕਿ ਇਹਨਾਂ ਦੀ ਸੂਝ ਬੂਝ ਅਤੇ ਮਿਹਨਤ ਨਾਲ ਇਸ ਕੰਮ ਨੂੰ ਸਿਰੇ ਚਾੜਿਆ ਜਾ ਰਿਹਾ ਹੈ।
ਸਰਦਾਰ ਧਾਲੀਵਾਲ ਨੇ ਕਿਹਾ ਕਿ ਇਸ ਡਰੇਨ ਵਿੱਚ ਆ ਰਹੇ ਗੰਦੇ ਪਾਣੀ ਨੂੰ ਸਾਫ ਕਰਕੇ ਖੇਤੀ ਲਈ ਵਰਤੋਂ ਵਿੱਚ ਲਿਆਉਣ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਵਰਤੋਂ ਵੀ ਘਟੇਗੀ । ਉਹਨਾਂ ਕਿਹਾ ਕਿ ਬੜੇ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਅੰਮ੍ਰਿਤਸਰ ਵਰਗਾ ਸ਼ਹਿਰ ਜੋ ਕਿ ਵਿਸ਼ਵ ਭਰ ਵਿੱਚ ਆਪਣੀ ਪਛਾਣ ਕਰਕੇ ਜਾਣਿਆ ਜਾਂਦਾ ਹੈ, ਵਿੱਚੋਂ ਲੰਘਦੇ ਇਸ ਗੰਦੇ ਨਾਲੇ ਦੀ ਪਿਛਲੀਆਂ ਸਰਕਾਰਾਂ ਨੇ ਕੋਈ ਸਾਰ ਨਹੀਂ ਲਈ , ਜਿਸ ਕਾਰਨ ਇਹ ਨਾਲਾ ਵੱਡੇ ਇਲਾਕੇ ਨੂੰ ਬਿਮਾਰੀਆਂ ਵੰਡ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਨਾਲੇ ਨੂੰ ਖਤਮ ਕਰਕੇ ਵਿਕਸਿਤ ਕਰਨ ਦਾ ਸੰਕਲਪ ਲਿਆ ਹੈ, ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਹਰਪ੍ਰੀਤ ਸਿੰਘ, ਵਧੀਕਕਮਿਸ਼ਨਰ ਨਗਰ ਨਿਗਮ ਸ੍ਰੀ ਸੁਰਿੰਦਰ ਸਿੰਘ, ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਸ੍ਰੀ ਮਨੀਸ਼ ਅਗਰਵਾਲ, ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਸ: ਬਲਜਿੰਦਰ ਸਿੰਘਥਾਂਦੇ, ਸ: ਮੁਖਵਿੰਦਰ ਸਿੰਘ ਵਿਰਦੀ, ਸ੍ਰੀ ਸਤਪਾਲ ਸਿੰਘ ਸੋਖੀ, ਜਿਲ੍ਹਾ ਉਦਯੋਗਟ੍ਰੇਡ ਵਿੰਗ ਸ: ਗੁਰਪ੍ਰੀਤ ਸਿੰਘ ਕਟਾਰੀਆ, ਸ: ਅਰਵਿੰਦਰ ਸਿੰਘ ਭੱਟੀ, ਐਸ.ਈਦਲਜੀਤ ਸਿੰਘ, ਐਕਸੀਐਨ ਨਗਰ ਨਿਗਮ ਸ: ਸੰਦੀਪ ਸਿੰਘ ਤੋਂ ਇਲਾਵਾ ਵੱਡੀਗਿਣਤੀ ਵਿੱਚ ਆਪ ਦੇ ਵਰਕਰ ਹਾਜ਼ਰ ਸਨ।