ਚੰਡੀਗੜ੍ਹ, 4 ਜੂਨ:

ਸੂਬੇ ਵਿੱਚ ਬੂਟੇ ਲਗਾਉਣ ਦੇ ਅਮਲ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੈਕਟਰ 68 ਦੇ ਜੰਗਲਾਤ ਕੰਪਲੈਕਸ ਵਿਖੇ ਇੱਕ ਸਮੀਖਿਆ ਮੀਟਿੰਗ ਦੌਰਾਨ ਇਨ੍ਹਾਂ ਦੀ ਸਹੀ ਦੇਖਭਾਲ ਅਤੇ ਰੱਖ-ਰਖਾਅ ‘ਤੇ ਜ਼ੋਰ ਦਿੱਤਾ।

ਇਸ ਮੌਕੇ ਮੰਤਰੀ ਨੂੰ ਦੱਸਿਆ ਗਿਆ ਕਿ ਵਿਭਾਗ ਵੱਲੋਂ ਵੱਖੋ ਵੱਖ ਸਕੀਮਾਂ ਤਹਿਤ ਤਕਰੀਬਨ 60 ਲੱਖ ਬੂਟੇ ਲਗਾਏ ਜਾਣਗੇ। ਸੂਬੇ ਵਿੱਚ ਬੂਟੇ ਲਗਾਉਣ ਸਬੰਧੀ ਮੁਹਿੰਮ ਇਸ ਸਾਲ 1 ਜੁਲਾਈ ਤੋਂ ਸ਼ੁਰੂ ਹੋਵੇਗੀ।

ਇਸ ਤੋਂ ਇਲਾਵਾ ਇਸ ਸਾਲ 382 ਨਾਨਕ ਬਗੀਚੀਆਂ ਅਤੇ 52 ਪਵਿੱਤਰ ਵਣ ਲਗਾਏ ਜਾਣੇ ਹਨ। ਇਸ ਤੋਂ ਇਲਾਵਾ 331 ਹੈਕਟੇਅਰ ਸੰਸਥਾਗਤ ਖੇਤਰ ਵਿੱਚ ਬੂਟੇ ਲਗਾਏ ਜਾਣਗੇ।

ਟਿਊਬਵੈਲਾਂ ਦੇ ਆਲੇ-ਦੁਆਲੇ ਪੌਦੇ ਲਗਾਉਣ ਬਾਰੇ ਮੰਤਰੀ ਨੂੰ ਦੱਸਿਆ ਗਿਆ ਕਿ ਸੂਬੇ ਵਿੱਚ 13.66 ਲੱਖ ਟਿਊਬਵੈਲਾਂ ਵਿੱਚੋਂ ਲਗਭਗ 94 ਫ਼ੀਸਦ ਟਿਊਬਵੈਲਾਂ ‘ਤੇ ਬੂਟੇ ਲਗਾਏ ਜਾ ਚੁੱਕੇ ਹਨ।

ਮੰਤਰੀ ਨੇ ਵਿਭਾਗ ਵੱਲੋਂ ਚੰਡੀਗੜ੍ਹ-ਫਗਵਾੜਾ ਸੜਕ ‘ਤੇ ਪੌਦੇ ਲਗਾਉਣ ਦੇ ਬੇਮਿਸਾਲ ਕਾਰਜ ਦੀ ਸ਼ਲਾਘਾ ਕੀਤੀ ਅਤੇ ਅਧਿਕਾਰੀਆਂ ਨੂੰ ਲੁਧਿਆਣਾ-ਚੰਡੀਗੜ੍ਹ ਸੜਕ ‘ਤੇ ਵੀ ਇਸੇ ਤਰ੍ਹਾਂ ਪੌਦੇ ਲਗਾਉਣ ‘ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ। ਇਸ ਤੋਂ ਇਲਾਵਾ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜਿੱਥੇ ਵੀ ਪੌਦੇ ਲਗਾਏ ਗਏ ਹਨ, ਉੱਥੇ ਮੁਰਝਾ ਕੇ ਖਤਮ ਹੋ ਚੁੱਕੇ ਬੂਟੇ ਹਟਾ ਦਿੱਤੇ ਜਾਣ ਅਤੇ ਉਨ੍ਹਾਂ ਦੀ ਥਾਂ ਨਵੇਂ ਪੌਦੇ ਲਗਾਏ ਜਾਣ। 

ਇਸ ਮੌਕੇ ਮੰਤਰੀ ਵੱਲੋਂ ਅਫਸਰਾਂਨੂੰ ਸਾਰੀਆਂ ਵਿਭਾਗੀ ਸਕੀਮਾਂ ਸਮੇਂ ਸਿਰ ਪੂਰੀਆਂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਅਤੇ ਪੌਦੇ ਲਗਾਏ ਜਾਣ ਦੀ ਮੁਹਿੰਮ ਵਿੱਚ ਲੋਕਾਂ ਦੀ ਭਾਗੀਦਾਰੀ ਵੀ ਯਕੀਨੀ ਬਣਾਉਣ ਲਈ ਕਿਹਾ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਕੱਤਰ ਪ੍ਰਿਯਾਂਕ ਭਾਰਤੀ, ਪ੍ਰਮੁੱਖ ਮੁੱਖ ਵਣਪਾਲ (ਜੰਗਲਾਤ ਫੋਰਸ ਦੇ ਮੁਖੀ) ਧਰਮਿੰਦਰ ਸ਼ਰਮਾ, ਏਪੀਸੀਸੀਐਫ ਕਮ ਸੀਈਓ ਪਨਕੈਂਪਾ ਸੌਰਵ ਗੁਪਤਾ, ਏਪੀਸੀਸੀਐਫ (ਪ੍ਰਸ਼ਾਸਨ) ਬਸੰਤਾ ਰਾਜ ਕੁਮਾਰ, ਸੀਸੀਐਫ (ਹਿੱਲਸ) ਨਿਧੀ ਸ੍ਰੀਵਾਸਤਵ, ਸੀਸੀਐਫ (ਵਾਈਲਡਲਾਈਫ) ਸਾਗਰ ਸੇਤੀਆ, ਸੀਐਫ ਸ਼ਿਵਾਲਿਕ ਸਰਕਲ ਸ੍ਰੀ ਕੰਨਨ ਤੇ ਡੀਐਫਓ ਮੋਹਾਲੀ ਕੰਵਰਦੀਪ ਸਿੰਘ ਅਤੇ ਹੋਰ ਡੀਐਫਓ ਮੌਜੂਦ ਸਨ।

By Admin

Leave a Reply

Your email address will not be published. Required fields are marked *